
ਅਮਰੀਕਾ 'ਚ ਕੋਰੋਨਾ ਮਹਾਂਮਾਰੀ ਕਾਰਨ ਕਰੀਬ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ, ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ਰਧਾਂਜਲੀ ਭੇਟ ਕਰਨਗੇ।
ਵਾਸ਼ਿੰਗਟਨ:ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਖੇ ਦੇਸ਼ 'ਚ ਕੋਵਿਡ -19 ਕਾਰਨ ਆਪਣੀ ਜਾਨ ਗਵਾਉਣ ਵਾਲੇ 5 ਲੱਖ ਲੋਕਾਂ ਦੀ ਯਾਦ 'ਚ ਇੱਕ ਮਿੰਟ ਦਾ ਮੌਨ ਰੱਖਣਗੇ ਅਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਂਟ ਕਰਨਗੇ।
ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਮੌਤ ਦਾ ਪਹਿਲੇ ਕੇਸ ਆਉਣ ਤੋਂ ਬਾਅਦ ਲਗਭਗ ਇੱਕ ਸਾਲ ਬਾਅਦ, ਦੇਸ਼ 'ਚ ਮ੍ਰਿਤਕਾਂ ਦੀ ਗਿਣਤੀ ਸੋਮਵਾਰ ਨੂੰ ਪੰਜ ਲੱਖ ਤੋਂ ਵੱਧ ਹੋਣ ਦਾ ਖ਼ਦਸ਼ਾ ਹੈ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਬਾਇਡਨ ਉਨ੍ਹਾਂ ਲੋਕਾਂ ਦੀ ਯਾਦ 'ਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੇ ਨਾਲ ਫਰਸਟ ਲੇਡੀ ਜਿਲ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਉਨ੍ਹਾਂ ਦੇ ਪਤੀ ਡੱਗ ਐਮਹੋਫ ਮੌਜੂਦ ਹੋਣਗੇ। ਉਹ ਇਸ ਪ੍ਰੋਗਰਾਮ ਵਿੱਚ ਇੱਕ ਮਿੰਟ ਦਾ ਮੌਨ ਰੱਖ ਕੇ ਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦੇਣਗੇ।
ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ, ਕੋਰੋਨਾ ਵਾਇਰਸ ਕਾਰਨ ਇੱਕ ਸਾਲ ਵਿੱਚ 5 ਲੱਖ ਲੋਕਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਦਾ ਇਹ ਅੰਕੜਾ ਕੰਸਾਸ ਸਿਟੀ, ਮਿਸੂਰੀ ਅਤੇ ਐਟਲਾਂਟਾ ਸ਼ਹਿਰ ਦੀ ਆਬਾਦੀ ਦੇ ਬਰਾਬਰ ਹੈ।
ਦੇਸ਼ ਦੇ ਸੰਕਰਮਣ ਰੋਗਾਂ ਦੇ ਮਾਹਰ, ਡਾ. ਐਂਥਨੀ ਫਾਓਚੀ ਨੇ ਕਿਹਾ ਕਿ 1918 'ਚ ਇਨਫਲੂਐਨਜ਼ਾ ਮਹਾਂਮਾਰੀ ਤੋਂ ਬਾਅਦ ਪਿਛਲੇ 102 ਸਾਲਾਂ 'ਚ ਅਜਿਹਾ ਕਦੇ ਨਹੀਂ ਹੋਇਆ ਸੀ।ਅਮਰੀਕਾ ਵਿੱਚ 19 ਜਨਵਰੀ ਨੂੰ ਕੋਰੋਨਾ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਲੱਖ ਦਾ ਅੰਕੜਾ ਪਾਰ ਕਰ ਗਈ ਸੀ।