
26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਵਿੱਚ ਮੁਲਜ਼ਮ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ਰੈਲੀ ਵਿੱਚ ਸ਼ਮੂਲੀਅਤ ਕੀਤੀ।
ਬਠਿੰਡਾ: 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਵਿੱਚ ਮੁਲਜ਼ਮ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ਰੈਲੀ ਵਿੱਚ ਸ਼ਮੂਲੀਅਤ ਕੀਤੀ।
ਦੱਸ ਦਈਏ ਕਿ ਲੱਖਾ ਸਿਧਾਣਾ ਘਟਨਾ ਤੋਂ ਬਾਅਦ ਹੀ ਫਰਾਰਾ ਹੈ। ਬੀਤੇ ਦਿਨੀ ਉਸ ਨੇ ਸੋਸ਼ਲ ਮੀਡੀਆ 'ਤੇ ਦਿੱਲੀ ਪੁਲਿਸ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦਿੰਦਿਆਂ ਮਹਿਰਾਜ ਰੈਲੀ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਸੀ।
ਇਸ ਤਹਿਤ ਅੱਜ ਲੱਖਾ ਸਿਧਾਣਾ ਵੱਲੋਂ ਪਿੰਡ ਮਹਿਰਾਜ ਵਿਖੇ ਰੈਲੀ ਲਈ ਸੱਦਾ ਦਿੱਤਾ ਗਿਆ ਸੀ ਅਤੇ ਅੱਜ ਉਹ ਖ਼ੁਦ ਵੀ ਸ਼ਾਮਲ ਹੋਇਆ। ਉਹ ਰੈਲੀ ਵਿੱਚ ਅੱਧਾ ਘੰਟਾ ਰਿਹਾ ਅਤੇ ਇਸ ਦੌਰਾਨ ਸੰਬੋਧਨ ਕੀਤਾ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਕਿਸਾਨ ਅਤੇ ਬੱਚੇ ਸ਼ਾਮਲ ਰਹੇ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ 26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਸੀ, ਜਿਸ ਦੌਰਾਨ ਲਾਲ ਕਿਲ੍ਹਾ ਘਟਨਾ ਵਾਪਰੀ ਸੀ। ਘਟਨਾ ਵਿੱਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਵੱਲੋਂ ਮੁੱਖ ਜ਼ਿੰਮੇਵਾਰ ਮੰਨਿਆ ਗਿਆ ਹੈ ਅਤੇ ਦੋਵਾਂ ਦੀ ਗ੍ਰਿਫ਼ਤਾਰੀ ਲਈ ਇਨਾਮ ਵੀ ਰੱਖਿਆ ਗਿਆ ਹੈ। ਲੱਖਾ 'ਤੇ ਦਿੱਲੀ ਪੁਲਿਸ ਨੇ 1 ਲੱਖ ਦਾ ਇਨਾਮ ਰੱਖਿਆ ਹੋਇਆ ਹੈ।
ਭਾਵੇਂ ਲੱਖਾ ਸਿਧਾਣਾ ਦੀ ਇਹ ਸ਼ਮੂਲੀਅਤ ਦਿੱਲੀ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਹੈ। ਪਰ ਦੂਜੇ ਪਾਸੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਦਿੱਲੀ ਪੁਲਿਸ ਨੇ ਕੋਈ ਰਾਬਤਾ ਨਹੀਂ ਕੀਤਾ।